ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਅਤੇ ਭਾਈ ਰਛਪਾਲ ਸਿੰਘ ਪਾਲਾ ਦੇ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਘਰ ਵਿੱਚ ਸੁਖ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਰਖਾਏ ਗਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਅੱਜ ਸੰਪੂਰਨ ਭੋਗ ਪਾਏ ਗਏ

ਪੈਰਿਸ-(ਸੁਖਵੀਰ ਸਿੰਘ ਕੰਗ)-ਪੈਰਿਸ ਦੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਹਫਤਾਵਾਰੀ ਪ੍ਰੋਗਰਾਮ ਦੇ ਤਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਅਤੇ ਪੈਰਿਸ ਨਿਵਾਸੀ ਭਾਈ ਰਛਪਾਲ ਸਿੰਘ ਪਾਲਾ ਦੇ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਘਰ ਵਿੱਚ ਸੁਖ ਸ਼ਾਂਤੀ ਲਈ ਭਾਈ ਰਛਪਾਲ ਸਿੰਘ ਪਾਲਾ ਅਤੇ ਸਮੂਹ ਪਰਿਵਾਰ ਵੱਲੋਂ 31 ਅਗਸਤ ਸ਼ੁਕਰਵਾਰ ਨੂੰ ਸਵੇਰੇ 10 :30 ਵਜੇ ਰਖਾਏ ਗਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ 11 :00 ਵਜੇ ਸੰਪੂਰਨ ਭੋਗ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਛਪਾਲ ਸਿੰਘ ਜੀ ਵੱਲੋਂ ਗੁਰੂ ਮਹਾਂਰਜ ਦੇ ਚਰਨਾ ਵਿੱਚ ਅਰਦਾਸ ਕੀਤੀ ਗਈ।ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਛਪਾਲ ਸਿੰਘ ਜੀ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ ਅਤੇ ਬਾਅਦ ਵਿੱਚ ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਸੁਲੱਖਣ ਸਿੰਘ ਅਤੇ ਭਾਈ ਦਲਵਿੰਦਰਜੀਤ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ,ਮੌਜੂਦਾ ਜੁਝਾਰੂ ਸਿੰਘਾਂ ਅਤੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਸਮੇਂ ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਦੁਖਦਾਇਕ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਭਾਈ ਮਨਦੀਪ ਸਿੰਘ ਵੱਲੋਂ ਕੀਤੇ ਗਏ ਦਲੇਰਾਨਾ ਐਕਸ਼ਨ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਭਾਈ ਮਨਦੀਪ ਸਿੰਘ ਕੌਮ ਦਾ ਇੱਕ ਬਹਾਦਰ ਸਿਪਾਹੀ ਹੈ।ਜਿਸ ਨੇ ਇੱਕ ਪ੍ਰਵਾਸੀ ਮਜਦੂਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦਾ ਕੁਝ ਹੀ ਪਲਾਂ ਵਿੱਚ ਬਦਲਾ ਲੈ ਲਿਅ ਹੈ।ਇਸ ਸਮੇਂ ਸਮੂਹ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ ਦਿਵਸ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ।ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।

ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦੀ ਪੁਰਜੋਰ ਨਿੰਦਾ-ਭਾਈ ਮਨਦੀਪ ਸਿੰਘ ਵੱਲੋਂ ਮੌਕੇ ਤੇ ਕੀਤੇ ਦਲੇਰਾਨਾ ਐਕਸ਼ਨ ਦੀ ਸ਼ਲਾਘਾ-ਸ਼ਮਸ਼ੇਰ ਸਿੰਘ ਅੰਮ੍ਰਿਤਸਰ

ਪੈਰਿਸ-(ਸੁਖਵੀਰ ਸਿੰਘ ਕੰਗ)-ਲੁਧਿਆਣਾ ਦੇ ਨੇੜਲੇ ਕਸਬਾ ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠੇ ਗ੍ਰੰਥੀ ਸਿੰਘ ਦੀ ਕੀਤੀ ਗਈ ਕੁਟਮਾਰ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਦੀ ਪੈਰਿਸ ਨਿਵਾਸੀ ਭਾਈ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਭਾਈ ਮਨਦੀਪ ਸਿੰਘ ਵੱਲੋਂ ਘਟਨਾ ਤੋਂ ਕੁਝ ਦੇਰ ਬਾਅਦ ਹੀ ਹਵਾਲਾਤ ਵਿੱਚ ਜਾ ਕੇ ਉਸ ਪ੍ਰਵਾਸੀ ਤੇ ਦਲੇਰਾਨਾ ਜਾਨਲੇਵਾ ਹਮਲਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦਾ ਬਦਲਾ ਲੈਣ ਦੀ ਸ਼ਲਾਘਾ ਕੀਤੀ ਗਈ।ਉਹਨਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਵਿੱਚ ਅਖੌਤੀ ਬਾਬਿਆਂ(ਭਨਿਆਰਾ,ਸਿਰਸੇ ਵਾਲਾ,ਨੂਰਮਹਿਲੀਆ ਆਦਿਕ)ਵੱਲੋਂ ਸਿੱਖਾਂ ਅਤੇ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਹੋ ਰਹੇ ਸਨ ਅਤੇ ਉਹਨਾਂ ਦਾ ਵਿਰੋਧ ਕਰਨ ਤੇ ਪੰਜਾਬ ਪੁਲਿਸ ਵੱਲੋਂ ਥਾਂ ਥਾਂ ਤੇ ਸਿੱਖਾਂ ਉੱਤੇ ਹਮਲੇ ਕੀਤੇ ਜਾ ਰਹੇ ਸਨ ਪਰ ਹੁਣ ਤਾ ਹੱਦ ਹੀ ਮੁਕਾ ਦਿੱਤੀ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਵੀ ਅਜਿਹੇ ਹਮਲੇ ਹੋਣ ਲੱਗ ਪਏ ਹਨ।ਉਹਨਾਂ ਨੇ ਪੰਜਾਬ ਸਰਕਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਅਤੇ ਦੂਸਰੇ ਰਾਜਾਂ ਤੋਂ ਪੰਜਾਬ ਆਉਣ ਵਾਲੇ ਮਜ਼ਦੂਰਾਂ ਦੀ ਸ਼ਨਾਖਤ ਵਾਸਤੇ ਸ਼ਨਾਖਤੀ ਕਾਰਡ ਹੋਣੇ ਬਹੁਤ ਜਰੂਰੀ ਹਨ ਕਿਉਂਕਿ ਇਹਨਾਂ ਮਜ਼ਦੂਰਾਂ ਨੇ ਹੁਣ ਤੱਕ ਬਹੁਤ ਵੱਡੀਆਂ ਵੱਡੀਆਂ ਵਾਰਦਾਤਾਂ ਕੀਤੀਆਂ ਹਨ ਅਤੇ ਹੁਣ ਨੌਬਤ ਇੱਥੋਂ ਤੱਕ ਆ ਗਈ ਹੈ ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਵੀ ਹੱਥ ਪਾਇਆ ਹੈ।ਅਗਰ ਭਾਈ ਮਨਦੀਪ ਸਿੰਘ ਮੌਕੇ ਤੇ ਐਕਸ਼ਨ ਨਾ ਲੈਂਦੇ ਤਾਂ ਇਹਨਾਂ ਮਜ਼ਦੂਰਾਂ ਦਾ ਹੌਂਸਲਾ ਹੋਰ ਵੀ ਵੱਧ ਜਾਣਾ ਸੀ।

ਭਾਈ ਦਿਲਾਵਰ ਸਿੰਘ ਬੱਬਰ ਦੀ 17ਵੀਂ ਬਰਸੀ ਤੇ ਵੱਧ ਤੋਂ ਵੱਧ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ-ਭਾਈ ਸਤਨਾਮ ਸਿੰਘ ਫਰਾਂਸ

ਪੈਰਿਸ-(ਸੁਖਵੀਰ ਸਿੰਘ ਕੰਗ)-ਜ਼ੁਲਮ ਦੀ ਹੱਦ ਕਰਨ ਵਾਲੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਬਿਅੰਤ ਸਿੰਘ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਚੁਣ ਚੁਣ ਕੇ ਮਾਰਿਆ ਅਤੇ ਫਰਵਰੀ 1992 ਤੋਂ ਲੈ ਕੇ 31 ਅਗਸਤ 1995 ਤੱਕ ਵਹਿਸ਼ੀਪੁਣੇ ਦਾ ਨੰਗਾ ਨਾਚ ਕੀਤਾ। ਜਿਸ ਨੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਵੀ ਨਹੀਂ ਬਖਸਿ਼ਆ ਅਤੇ ਥਾਣਿਆਂ ਵਿੱਚ ਧੀਆਂ ਭੈਣਾਂ ਦੀ ਪੱਤ ਰੋਲੀ। ਇਸ ਦੀ ਗੰਦੀ ਰਾਜਸੀ ਤਾਕਤ ਤੋਂ ਤੰਗ ਆ ਕੇ ਪੰਜਾਬ ਦੇ ਸਪੂਤ ਮਹਾਨ ਸੂਰਬੀਰ ਯੋਧੇ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘ ਵਾਲਾ ਨੇ ਇਸ ਦੁਸ਼ਟ ਨੂੰ ਸੋਧਣ ਦਾ ਬੀੜਾ ਚੁੱਕਿਆ ਅਤੇ 31 ਅਗਸਤ 1995 ਨੂੰ ਭਾਈ ਦਿਲਾਵਰ ਸਿੰਘ ਬੱਬਰ ਨੇ ਆਪਣੇ ਜੀਵਨ ਦੀ ਅਹੂਤੀ ਦੇ ਕੇ ਇਸ ਦੁਸ਼ਟ ਨੂੰ ਸੋਧਾ ਲਾਇਆ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੈਰਿਸ ਨਿਵਾਸੀ ਭਾਈ ਸਤਨਾਮ ਸਿੰਘ ਫਰਾਂਸ ਨੇ ਕਰਦਿਆਂ ਕਿਹਾ ਕਿ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਨੇ ਨੌਜਵਾਨ ਪੁੱਤਾਂ ਦੀਆਂ ਮਾਵਾਂ ਦੇ ਹਿਰਦਿਆਂ ਨੂੰ ਸ਼ਾਤ ਕੀਤਾ ਅਤੇ ਪੰਜਾਬ ਵਿੱਚ ਫਿਰ ਦੁਬਾਰਾ ਸ਼ਾਂਤੀ ਬਹਾਲ ਕਰ ਦਿੱਤੀ।ਭਾਈ ਸਤਨਾਮ ਸਿੰਘ ਨੇ ਭਾਈ ਦਿਲਾਵਰ ਸਿੰਘ ਬੱਬਰ ਦੀ 17ਵੀਂ ਬਰਸੀ ਦੇ ਸੰਬੰਧ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ(ਅ) ਦੇ ਪ੍ਰਧਾਨ ਸ :ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਬਰਸੀ ਮਨਾਉਣ ਦਾ ਫੈਸਲਾ ਲਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਕੌਮੀ ਸ਼ਹੀਦਾਂ ਦੀਆਂ ਬਰਸੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੀ ਮਨਾਈਆਂ ਜਾਣੀਆਂ ਚਾਹੀਦੀਆਂ ਹਨ।ਕਿਉਂਕਿ ਕੌਮੀ ਸ਼ਹੀਦ ਸਮੁਚੀ ਸਿੱਖ ਕੌਮ ਦੇ ਸਾਂਝੇ ਸ਼ਹੀਦ ਹਨ।ਉਹਨਾਂ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸੰਗਤਾਂ ਵੱਧ ਚੜ੍ਹ ਕੇ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਣ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ ਬਰਸੀ ਵੱਡੇ ਪੱਧਰ ਤੇ ਮਨਾਉਣ।

ਇਟਲੀ ਬੱਚਿਆ ਨੂੰ ਸਿੱਖ ਇਤਿਹਾਸ ਨਾਲ ਜੁੜਨ ਹਿੱਤ ਗੁਰਮਿਤ ਕੈਂਪਾਂ ਦਾ ਆਯੋਜਨ

ਰੋਮ ਇਟਲੀ-(ਸਾਬੀ ਚੀਨੀਆ)-ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ਼ ਜੋੜਨ ਹਿੱਤ ਗੁਰਬਾਣੀ ,ਤਬਲਾ ,ਹਰਮੋਨੀਅਮ ,ਪੰਜਾਬੀ ਬੋਲੀ,ਗਤਕੇ ਦੀ ਸਿਖਲਾਈ ਅਤੇ ਦਸਤਾਰ ਸਜਾਉਣ ਆਦਿ ਦੀ ਸਿੱਖਿਆ ਦੇਣ ਲਈ ਇਟਲੀ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ( ਵਿਰੋਨਾ) ਵਿਖੇ ਵਿਸ਼ੇਸ਼ ਤੌਰ ਤੇ ਗੁਰਮਤਿ ਕੈਂਪ ਲੱਗ ਰਹੇ ਹਨ ।ਇੰਨਾਂ ਕੈਂਪ ਦੌਰਾਨ ਭਾਈ ਮਲਕੀਤ ਸਿੰਘ ਬੁੱਢਾਂ ਜੋਹੜ(ਰਾਜਿਸਥਾਨ) ਵਾਲਿਆਂ ਦੁਆਰਾ ਬੱਚਿਆ ਨੂੰ ਹਰਮੋਨੀਅਮ ਅਤੇ ਤਬਲੇ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸੇ ਤਰਾਂ ਭਾਈ ਬਲਵੀਰ ਸਿੰਘ ,ਭਾਈ ਨੋਗਿੰਦਰ ਸਿੰਘ ਅਤੇ ਭਾਈ ਨਰਿੰਦਰ ਸਿੰਘ ਜੀ ਦੁਆਰਾ ਗੁਰਮਤਿ ਦੀ ਸੰਖਿਆ ਦਿੱਤੀ ਜਾਂਦੀ ਹੈ। ਲੱਗ ਰਹੀਆ ਗੁਰਮਿਤ ਕਲਾਸਾਂ ਵਿਚ ਕੋਈ ਸੋ ਤੋ ਵੱਧ ਬੱਚੇ ਹਿੱਸਾ ਲੈ ਰਹੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਲੜੀਵਾਰ ਚੱਲ ਰਹੇ ਕੈਂਪਾਂ ਦੀ ਸਮਾਪਤੀ 23 ਅਗਸਤ ਨੂੰ ਹੋਵੇਗੀ ।ਰੋਜਾਨਾਂ ਕੈਂਪਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇਕੇ ਬੱਚਿਆਂ ਦੀ ਹੌਂਸਲਾ ਅਫਜਾਈ ਵਧਾਈ ਕੀਤੀ ਜਾਵੇਗੀ

ਬਾਬਾ ਮੱਖਣ ਸ਼ਾਹ ਲੁਬਾਣਾ ਫਰਾਂਸ ਵਿੱਚ ਪਿੰਡ ਭਟਨੂਰਾ ਦੀ ਸਾਧ ਸੰਗਤਾਂ ਵਲੋਂ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ

ਰਾਜਪੁਰਾ -(ਧਰਮਵੀਰ ਨਾਗਪਾਲ)-ਬਾਬਾ ਮੱਖਣ ਸ਼ਾਹ ਲੁਬਾਣਾ ਲੂ-ਬੁਰਜੇ ਫਰਾਂਸ ਤੋਂ ਟੇਲੀਫੋਨ ਰਾਹੀ ਭਾਈ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਪਿੰਡ ਭਟਨੂਰਾ ਦੀ ਸਮੂਹ ਸਾਧ ਸੰਗਤਾਂ ਵਲੋਂ ਪੰਥ ਦੀ ਚੜਦੀ ਕਲਾ ਲਈ ਅਤੇ ਸਰਬੱਤ ਦੇ ਭੱਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਅੱਜ ਮਿਤੀ 29 ਜੂਨ ਦਿਨ ਐਤਵਾਰ ਨੂੰ ਆਰੰਭ ਕੀਤੇ ਗਏ ਤੇ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਫਰਾਂਸ ਦੇ ਸਮੇਂ ਦੇ ਮੁਤਾਬਕ ਭੋਗ ਪਾਏ ਜਾਣਗੇ ਤੇ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਦਲੇਰ ਸਿੰਘ ਵਲੋਂ ਸਰੱਬਤ ਦੇ ਭੱਲੇ ਦੀ ਅਰਦਾਸ ਤੋਂ ਬਾਅਦ ਉਹਨਾਂ ਦੇ ਜੱਥੇ ਵਲੋਂ ਸ੍ਰੀ ਸਤਿਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਤੇ ਸਮੂਹ ਸਾਧ ਸੰਗਤਾਂ ਦੀ ਚੜਦੀ ਕਲਾ ਲਈ ਸ਼ਬਦ ਕੀਰਤਨ ਦੇ ਦਿਵਾਨ ਸਜਾਏ ਜਾਣਗੇ ਤੇ ਇਹਨਾਂ ਦਿਵਾਨਾ ਵਿੱਚ ਭਾਈ ਸਾਹਿਬ ਭਾਈ ਦਲੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਮੱਖਣ ਸਿੰਘ, ਭਾਈ ਸਿਮਰਜੋਤ ਸਿੰਘ ਕਲਾਸੀਕਲ ਰਾਗਾ ਰਾਹੀ ਸੰਗਤਾ ਨੂੰ ਨਿਹਾਲ ਕਰਨਗੇ। ਪਿੰਡ ਭਟਨੂਰਾ ਜਿਲਾ ਕਪੂਰਥਲਾ ਦੀ ਸਮੂਹ ਸਾਧ ਸੰਗਤਾ ਵਲੋਂ ਗੁਰੁ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਬਾਬਾ ਮੱਖਣ ਸ਼ਾਹ ਲੁਬਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਜੋਧੜੀ ਹੈ ਕਿ ਸਮੇਂ ਸਿਰ ਪਹੁੰਚ ਕੇ ਗੁਰੁ ਘਰ ਦੀਆ ਖੁਸ਼ੀਆ ਪ੍ਰਾਪਤ ਕਰੋ ਤੇ ਆਪਣੇ ਜੀਵਨ ਨੂੰ ਸਫਲਾ ਬਣਾਉ। 

ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੇ ਪ੍ਰਧਾਨ ਕਰਮਜੀਤ ਸਿੰਘ ਪੈਡਰੋ,ਔਰਗੇਨਾਈਜ਼ਰ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਅਤੇ ਸਾਥੀਆਂ ਵੱਲੋਂ ਕਲੱਬ ਨੂੰ ਅਲਵਿਦਾ

ਪੈਰਿਸ-(ਸੁੱਖਵੀਰ ਸਿੰਘ ਕੰਗ)-ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੇ ਗਠਨ ਹੋਇਆਂ ਨੂੰ ਕਰੀਬ ਡੇਢ ਸਾਲ ਹੋ ਚੁੱਕਿਆ ਹੈ ਅਤੇ ਬਹੁਤ ਹੀ ਥੋੜੇ ਸਮੇਂ ਵਿੱਚ ਕਲੱਬ ਨੇ ਬੜੀ ਹੀ ਚ੍ਹੜਦੀ ਕਲਾ ਵਿੱਚ ਪਹਿਲਾ ਟੂਰਨਾਂਮੈਂਟ ਕਰਵਾਇਆ।ਜੋ ਕਲੱਬ ਦੇ ਸੇਵਾਦਾਰਾਂ ਦੇ ਮਿਲਵਰਤ ਕੇ ਚੱਲਣ ਦਾ ਨਤੀਜਾ ਸੀ।ਜਦੋਂ ਵੀ ਕਿਸੇ ਸੰਸਥਾ ਦੀ ਤਰੱਕੀ ਹੁੰਦੀ ਹੈ ਤਾਂ ਉਸ ਦਾ ਇੱਕੋ ਇੱਕ ਕਾਰਨ ਹੁੰਦਾ ਹੈ ਸੇਵਾਦਾਰਾਂ ਵਿੱਚ ਇਮਾਨਦਾਰੀ ਅਤੇ ਮਿਲਵਰਤ ਕੇ ਚੱਲਣ ਦੀ ਭਾਵਨਾ।ਪਰ ਪਿੱਛਲੇ ਕੁਝ ਸਮੇਂ ਤੋਂ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਦੇ ਕੁਝ ਸੇਵਾਦਾਰਾਂ ਵਿੱਚ ਮਿਲਵਰਤ ਕੇ ਚੱਲਣ ਦੀ ਘਾਟ ਮਹਿਸੂਸ ਹੋ ਰਹੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੇ ਪ੍ਰਧਾਨ ਕਰਮਜੀਤ ਸਿੰਘ ਪੈਡਰੋ,ਔਰਗੇਨਾਈਜ਼ਰ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਅਤੇ ਸਾਥੀਆਂ ਨੇ ਲਿਖਤੀ ਤੌਰ ਤੇ ਪ੍ਰੈੱਸ ਨਾਲ ਕੀਤਾ।ਉਹਨਾਂ ਕਿਹਾ ਕਿ ਜਦੋਂ ਤੋਂ ਸਾਂਨੂੰ ਇਹ ਮਹਿਸੂਸ ਹੋਇਆ ਕਿ ਕਲੱਬ ਦੇ ਸੇਵਾਦਾਰਾਂ ਵਿੱਚ ਮਿਲਵਰਤ ਕੇ ਚੱਲਣ ਵਿੱਚ ਘਾਟ ਆ ਰਹੀ ਹੈ ਤਾਂ ਅਸੀਂ ਬਹੁਤ ਕੋਸਿ਼ਸ਼ ਕੀਤੀ ਕਿ ਜਿਸ ਤਰ੍ਹਾਂ ਪਹਿਲੇ ਸਾਲ ਦੀਆਂ ਮੀਟਿੰਗਾਂ ਵਿੱਚ ਇਕੱਤਰਤਾ ਹੁੰਦੀ ਆਈ ਹੈ ਇਸੇ ਤਰ੍ਹਾਂ ਹੀ ਮੀਟਿੰਗਾਂ ਵਿੱਚ ਇਕੱਤਰਤਾ ਹੁੰਦੀ ਰਹੇ।ਪਰ ਮੈਂਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਆਪਣੀ ਕੋਸਿ਼ਸ਼ ਵਿੱਚ ਨਾ-ਕਾਮਯਾਬ ਰਹੇ ਹਾਂ।ਉਹਨਾਂ ਕਿਹਾ ਕਿ ਕਲੱਬ ਦੇ ਸੇਵਾਦਾਰਾਂ ਵਿੱਚ ਨੇੜੇ ਆ ਰਹੇ ਯੂਰਪ ਦੇ ਕਬੱਡੀ ਟੂਰਨਾਂਮੈਂਟਾਂ ਨੂੰ ਮੱਦੇਨਜ਼ਰ ਰੱਖਦਿਆਂ ਵੱਧ ਉਤਸ਼ਾਹ ਦਿਖਾਉਣਾ ਚਾਹੀਦਾ ਸੀ ਪਰ ਸਾਂਨੂੰ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਨ ਕਿਸੇ ਤਰ੍ਹਾਂ ਕਲੱਬ ਦੇ ਕੁਝ ਸੇਵਾਦਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਕਰਮਜੀਤ ਸਿੰਘ ਪੈਡਰੋ,ਸ਼ਮਸ਼ੇਰ ਸਿੰਘ ਅੰਮ੍ਰਿਤਸਰ ਅਤੇ ਸਾਥੀਆਂ ਨੇ ਬੜੇ ਦੁੱਖੀ ਹਿਰਦੇ ਨਾਲ ਕਲੱਬ ਦੇ ਸਮੂਹ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਲੱਬ ਦਾ ਮੈਂਬਰ ਅੱਜ ਤੋਂ ਬਾਅਦ ਇਸ ਕਲੱਬ ਵਿੱਚ ਸਾਡਾ ਨਾਂਅ ਨਾ ਵਰਤੇ ਅਤੇ ਅੱਜ ਤੋਂ ਬਆਦ ਸਾਡਾ ਇਸ ਕਲੱਬ ਨਾਲ ਕੋਈ ਲੈਣ ਦੇਣ ਨਹੀਂ ਹੈ।

24 ਫਰਵਰੀ ਸ਼ੁੱਕਰਵਾਰ ਨੂੰ ਮ੍ਰਿਤਕ ਗੁਰਦਿੱਤਾ ਸਿੰਘ ਉਰਫ ਬਾਲੂ ਅਤੇ ਮ੍ਰਿਤਕ ਦਿਲਬਾਗ ਸਿੰਘ ਦੀਆਂ ਲਾਸ਼ਾਂ ਭਾਰਤ ਨੂੰ ਰਵਾਨਾ ਹੋਣਗੀਆਂ

ਪੈਰਿਸ-(ਸੁੱਖਵੀਰ ਸਿੰਘ ਕੰਗ)-ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਛੁਰੀਆਂ ਦੇ ਨਿਵਾਸੀ ਦਸੌਂਦਾ ਸਿੰਘ ਦੇ ਪੁੱਤਰ ਅਤੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਗੁਰਦਿੱਤਾ ਸਿੰਘ ਉਰਫ ਬਾਲੂ ਦੀ 12 ਜਨਵਰੀ 2012 ਨੂੰ ਪੈਰਿਸ ਦੇ ਕਸਬਾ ਸੈਂ-ਤੁਆਂ(ਸੈਂ-ਦੈਨੀ) ਵਿਖੇ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ।ਮ੍ਰਿਤਕ ਦੀ ਮੌਤ ਗਲਤ ਨਾਮ ਹੇਠ ਰਜਿਸਟਰਡ ਹੋਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਓਰਰ ਡਾਨ ਸੰਸਥਾ ਫਰਾਂਸ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਦੇ ਯਤਨਾਂ ਸਦਕਾ ਮ੍ਰਿਤਕ ਦਾ ਡੈੱਥ ਸਰਟੀਪਿਕੇਟ ਅਸਲੀ ਨਾਮ ਤੇ ਰਜਿਸਟਰਡ ਕਰਵਾਇਆ ਗਿਆ ਅਤੇ ਹੁਣ 24 ਫਰਵਰੀ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਪੈਰਿਸ 12 ਦੇ ਸਰਕਾਰੀ ਮੁਰਦਾ ਘਰ (ਇੰਸਟੀਚਿਉਟ ਮੈਡੀਕੋ ਲੀਗਾਲ) ਤੋਂ ਮ੍ਰਿਤਕ ਦੀ ਲਾਸ਼ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ।ਇਹ ਮੁਰਦਾ ਘਰ 5 ਨੰ: ਮੈਟਰੋ ਦੇ ਕੇਦੀਲਾਰਾਪੇ ਸਟਾਪ ਦੇ ਬਿਲਕੁਲ ਨਜ਼ਦੀਕ ਹੈ।ਜੇ ਕਿਸੇ ਨੇ ਮ੍ਰਿਤਕ ਗੁਰਦਿੱਤਾ ਸਿੰਘ ਦੀ ਲਾਸ਼ ਨੂੰ ਮੋਢਾ ਦੇਣਾ ਹੋਵੇ ਤਾਂ ਉਹ ਇਸ ਮੁਰਦਾ ਘਰ ਵਿੱਚ 9:30 ਤੋਂ ਪਹਿਲਾਂ ਪਹੁੰਚ ਜਾਵੇ।
ਇਸੇ ਤਰ੍ਹਾਂ ਜਿਲ੍ਹਾ ਜਲੰਧਰ ਦੇ ਪਿੰਡ ਧਾਲੀਵਾਲ ਦੇ ਸਵ:ਸੁੱਚਾ ਸਿੰਘ ਦੇ ਪੁੱਤਰ ਅਤੇ ਇੱਕ ਭਰਾ ਤੇ ਦੋ ਭੈਣਾਂ ਦੇ ਭਰਾ ਦਿਲਬਾਗ (33ਸਾਲ)ਦੀ 6 ਫਰਵਰੀ 2012 ਨੂੰ ਪੈਰਿਸ ਦੇ ਕਸਬਾ ਸੈਂ-ਲੂਅ ਦੇ ਸਰਕਾਰੀ ਹਸਪਤਾਲ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।ਮ੍ਰਿਤਕ ਦਿਲਬਾਗ ਸਿੰਘ ਦੀ ਲਾਸ਼ ਨੂੰ ਵੀ ਓਰਰ ਡਾਨ ਸੰਸਥਾ ਫਰਾਂਸ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਦੇ ਯਤਨਾਂ ਸਦਕਾ 24 ਫਰਵਰੀ ਸ਼ੁਕਰਵਾਰ ਨੂੰ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਪੰਜਾਬ ਭੇਜੀ ਜਾ ਰਹੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਭੱਟੀ ਅਤੇ ਸੋਮ ਨਾਥ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ 11 ਨੰ: ਮੈਟਰੋ ਦੇ ਗੁਨਕੋਟ ਸਟਾਪ ਦੇ ਨਜ਼ਦੀਕ ਪੈਂਦੇ ਸੈਂ-ਲੂਅ ਹਸਪਤਾਲ ਤੋਂ 24 ਫਰਵਰੀ ਸ਼ੁੱਕਰਵਾਰ ਨੂੰ ਸਵੇਰੇ 10:45 ਵਜੇ ਭਾਰਤ ਨੂੰ ਰਵਾਨਾ ਕੀਤਾ ਜਾਣਾ ਹੈ ਜੇ ਕਿਸੇ ਨੇ ਲਾਸ਼ ਨੂੰ ਮੋਢਾ ਦੇਣਾ ਹੋਵੇ ਤਾਂ ਉਹ 10:45 ਵਜੇ ਤੋਂ ਪਹਿਲਾਂ ਸੈਂ-ਲੂਅ ਹਸਪਤਾਲ ਵਿਖੇ ਪੁਹੰਚ ਜਾਣ। 

ਬਾਬਾ ਮੱਖਣ ਸ਼ਾਹ ਲੁਬਾਣਾ ਲੁ-ਬੁਰਜ਼ੇ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ

ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲੁ-ਬੁਰਜ਼ੇ ਵਿਖੇ ਹਫਤਾਵਾਰੀ ਪ੍ਰੋਗਰਾਮ ਦੇ ਤਹਿਤ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਯੂਰਪ ਵਿੱਚ ਸਿੱਖੀ ਦੇ ਪ੍ਰਚਾਰ ਲਈ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਸਿਮਰਨ ਸਿੰਘ ਲੁਧਿਆਣਾ ਅਤੇ ਭਾਈ ਅਮਰਇਕਬਾਲ ਸਿੰਘ ਲੁਧਿਆਣਾ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ।ਭਾਈ ਸਿਮਰਨ ਸਿੰਘ ਲੁਧਿਆਣਾ ਵਾਲਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ।ਜਿੱਥੇ ਉਹਨਾਂ ਨੇ ਸ਼ਹੀਦਾਂ ਨੂੰ ਸਮਰਪਿਤ 'ਕੋਈ ਆਣਿ ਮਿਲਾਵੇ ਮੇਰਾ ਪ੍ਰੀਤਮ ਪਿਆਰਾਸ਼ਬਦ ਦਾ ਗਾਇਨ ਕੀਤਾ ਉੱਥੇ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਆ ਰਹੀ ਗਿਰਾਵਟ ਤੇ ਵੀ ਚਿੰਤਾ ਪ੍ਰਗਟ ਕੀਤੀ ਜਿਸ ਨਾਲ ਸਿੱਖੀ ਨੂੰ ਢਾਹ ਲੱਗ ਰਹੀ ਹੈ।ਉਹਨਾਂ ਕਿਹਾ ਕਿ ਸਿੱਖਾਂ ਨੇ ਅੱਜ ਤੱਕ ਵਿਰੋਧੀ ਦਾ ਹਾਣੀ ਬਣ ਕੇ ਹਰ ਤਰੀਕੇ ਨਾਲ ਵਿਰੋਧੀ ਦਾ ਟਾਕਰਾ ਕੀਤਾ।ਪਰ ਜਿਹੜੀ ਸਿੱਖਾਂ ਨੂੰ ਹੁਣ ਸੱਟ ਵੱਜ ਰਹੀ ਹੈ ਉਹ ਹੈ ਮੀਡੀਏ ਦੀ ਸੱਟ।ਸਿੱਖਾਂ ਨੇ ਅੱਜ ਤੱਕ ਇਸ ਦਾ ਕੋਈ ਹੱਲ ਨਹੀਂ ਲੱਭਿਆ ਜੇ ਫਿਲਮਾਂ,ਨਾਟਕਾਂ,ਸੀਰੀਅਲਾਂ ਦੀ ਵੀ ਗੱਲ ਕਰੀਏ ਤਾਂ ਉਸ ਵਿੱਚ ਸਿੱਖਾਂ ਨੂੰ ਨੀਵਾਂ ਦਿਖਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਸਾਂਨੂੰ ਇਸ ਦੇ ਟਾਕਰੇ ਵਾਸਤੇ ਇਲੈਕਟਰੋ ਮੀਡੀਏ ਅਤੇ ਪਿੰਟ ਮੀਡੀਏ ਨੂੰ ਉਹਨਾਂ ਦੇ ਹਾਣ ਦਾ ਬਣਾਉਣਾ ਪਵੇਗਾ।ਉਪਰੰਤ ਭਾਈ ਅਮਰਇਕਬਾਲ ਸਿੰਘ ਲੁਧਿਆਣਾ ਵਾਲਿਆਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਅਤੇ ਦੱਸਿਆ ਕਿ ਨਿਰਦਈ ਮਹੰਤ ਨਾਰਾਇਣੇ ਨੇ ਭਾਈ ਲਛਮਣ ਦਾਸ ਸਮੇਤ ਪੂਰੇ ਜਥੇ ਨੂੰ ਸ਼ਹੀਦ ਕਰਵਾ ਦਿੱਤਾ ਸੀ।ਇੱਥੋ ਤੱਕ ਕਿ ਅੱਠ ਸਾਲ ਦੇ ਭਾਈ ਦਰਬਾਰਾ ਸਿੰਘ ਨੂੰ ਵੀ ਨਹੀਂ ਬਖਸਿ਼ਆ।ਇਸ ਸਮੇਂ ਭਾਈ ਸਾਹਿਬ ਨੇ ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਦੱਸਿਆ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਈ ਅਮਰਇਕਬਾਲ ਸਿੰਘ ਨੇ ਕਿਹਾ ਕਿ ਮੈਂ ਇਟਲੀ ਦੇ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਦਾ ਹੋਇਆ ਫਰਾਂਸ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ 2 ਮਾਰਚ ਤੱਕ ਪੈਰਿਸ ਹੀ ਰੁਕਣਾ ਹੈ ਅਤੇ 2ਮਾਰਚ ਤੋਂ 11 ਮਾਰਚ ਤੱਕ ਅਸਟਰੀਆ ਦੇ ਗੁਰਦੁਆਰਾ ਸਾਹਿਬ ਵਿੱਚ ਕਥਾ ਵਿਚਾਰਾਂ ਕਰਨੀਆਂ ਹਨ ਅਤੇ 12 ਮਾਰਚ ਤੋਂ 1 ਅਪ੍ਰੈਲ ਤੱਕ ਇਟਲੀ ਦੇ ਵੱਖ ਵੱਖ ਗਰਦੁਆਰਿਆਂ ਵਿੱਚ ਪ੍ਰਚਾਰ ਕੀਤਾ ਜਾਵੇਗਾ।

ਦਲਵਿੰਦਰ ਸਿੰਘ ਘੁੰਮਣ ਵੱਲੋਂ ਭੈਣ ਕੁਲਵੰਤ ਕੌਰ ਜੀ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਦੇ ਕੇਸਰੀ ਹਿੰਦ ਰੈਸਟੋਰੈਂਟ ਦੇ ਮਾਲਕ ਦਲਵਿੰਦਰ ਸਿੰਘ ਘੁੰਮਣ ਨੇ ਪੁਰਤਗਾਲ ਤੋਂ ਅਜੀਤ ਅਖ਼ਬਾਰ ਦੇ ਪੱਤਰਕਾਰ ਸ:ਤੇਜਪਾਲ ਸਿੰਘ,ਗੜ੍ਹਸ਼ੰਕਰ ਤੋਂ ਸਪੋਕਸਮੈਨ ਅਖ਼ਬਾਰ ਦੇ ਪੱਤਰਕਾਰ ਸ:ਤਰਲੋਕ ਸਿੰਘ ਅਤੇ ਪੰਜਾਬ ਰੋਡਵੇਜ ਕੰਡਕਟਰ ਯੂਨੀਅਨ ਨੰਗਲ ਡਿਪੂ ਦੇ ਜਨਰਲ ਸਕੱਤਰ ਸ: ਬਲਵਿੰਦਰ ਸਿੰਘ ਨਾਲ ਉਹਨਾਂ ਦੇ ਵੱਡੇ ਭੈਣ ਜੀ ਸ੍ਰੀਮਤੀ ਕੁਲਵੰਤ ਕੌਰ (61) ਪਤਨੀ ਸ:ਪ੍ਰਿਤਪਾਲ ਸਿੰਘ ਵਾਸੀ ਮੰਡੀ ਸਕੇਤ(ਹਿਮਾਚਲ ਪ੍ਰਦੇਸ) ਸੰਖੇਪ ਜਿਹੀ ਬਿਮਾਰੀ ਨਾਲ ਅਕਾਲ ਚਲਾਣਾ ਕਰ ਜਾਣ ਤੇ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ।ਉਹਨਾਂ ਕਿਹਾ ਇਸ ਦੁੱਖ ਦੀ ਘੜੀ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਤੇ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਭੈਣ ਜੀ ਦੀ ਆਤਮਾਂ ਨੂੰ ਸੁੱਖ ਸ਼ਾਂਤੀ ਬਖ਼ਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਜਗਤਾਰ ਸਿੰਘ ਬਿੱਟੂ ਉਹਨਾਂ ਦੀ ਪਤਨੀ ਅਤੇ ਪੱਤਰਕਾਰ ਸੁੱਖਵੀਰ ਸਿੰਘ ਕੰਗ ਖ਼ੂਨ ਦਾਨ ਕਰਨ ਲਈ ਔਪੀਤਾਲ ਐਵੀਸੈਂਸ ਗਏ

ਪੈਰਿਸ-(ਸੁੱਖਵੀਰ ਸਿੰਘ ਕੰਗ)-ਜੇ ਕਿਸੇ ਪਿਆਸੇ ਨੂੰ ਪਾਣੀ ਦੀ ਬੂੰਦ ਮਿਲ ਜਾਵੇ ਤਾਂ ਉਹ ਵੀ ਬੜਾ ਪਰਉਪਕਾਰ ਹੈ ਪਰ ਜੇ ਕਿਸੇ ਦੀ ਖ਼ੂਨ ਦੀ ਬੂੰਦ ਨਾਲ ਜਿੰਦਗੀ ਬਚਦੀ ਹੋਵੇ ਤੇ ਉਸ ਨੂੰ ਖ਼ੂਨ ਦੀ ਬੂੰਦ ਮਿਲ ਜਾਵੇ ਤਾਂ ਇਸ ਦਾਨ ਵਰਗਾ ਹੋਰ ਕੋਈ ਦਾਨ ਨਹੀਂ।ਇਸ ਮਕਸਦ ਨਾਲ ਪੈਰਿਸ ਦੇ ਕਸਬਾ ਲੁ-ਬਲੌਂ ਮਨੀਲ ਨਿਵਾਸੀ ਜਗਤਾਰ ਸਿੰਘ ਬਿੱਟੂ 2005 ਤੋਂ ਲਗਾਤਾਰ 4-5 ਮਹੀਨਿਆਂ ਬਾਅਦ ਖ਼ੂਨ ਦਾਨ ਕਰਦਾ ਹੈ।ਅੱਜ ਵੀ ਜਗਤਾਰ ਸਿੰਘ ਬਿੱਟੂ ਆਪਣੀ ਪਤਨੀ ਅਤੇ ਪੱਤਰਕਾਰ ਸੁਖਵੀਰ ਸਿੰਘ ਨੂੰ ਨਾਲ ਲੈ ਕੇ ਔਪੀਤਾਲ ਐਵੀਸੈਂਸ ਸਾਹਮਣੇ ਕੈਰੇਫੋਰ ਦਰਾਂਸੀ ਵਿਖੇ ਗਏ ਜਿੱਥੇ ਉਹਨਾਂ ਨੇ ਖ਼ੂਨ ਦਾਨ ਕੀਤਾ।ਬਾਅਦ ਵਿੱਚ ਹਸਪਤਾਲ ਦੇ ਅਮਲੇ ਵੱਲੋਂ ਚਾਹ ਪਾਣੀ ਪਿਲਾ ਕੇ ਵਾਪਸ ਭੇਜਿਆ ਗਿਆ।ਜਦੋਂ ਖੂ਼ਨ ਦਾਨ ਕਰਨ ਬਾਰੇ ਜਗਤਾਰ ਸਿੰਘ ਬਿੱਟੂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੋ ਖ਼ੂਨ ਅਸੀਂ ਕਢਵਾਉਂਦੇ ਹਾਂ ਉਹ ਦੁਬਾਰਾ 24 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਵੀ ਚੁਸਤੀ ਫੁਰਤੀ ਰਹਿੰਦੀ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।

ਚੜ੍ਹਦੀ ਕਲ੍ਹਾ ਸੇਵਕ ਜਥਾ ਫਰਾਂਸ ਵੱਲੋਂ ਗੁਰਮਤਿ ਕਲਾਸ ਦਾ ਅਯੋਜਨ ਕੀਤਾ ਗਿਆ-ਸੰਗਤਾਂ ਭਾਰੀ ਤਦਾਦ ਵਿੱਚ ਗੁਰਮਤਿ ਕਲਾਸ ਵਿੱਚ ਪਹੁੰਚੀਆਂ-ਜਗ੍ਹਾ ਥੋੜੀ ਹੋਣ ਕਰਕੇ ਸੰਗਤਾਂ ਨੇ ਕਮਰੇ ਤੋਂ ਬਾਹਰ ਰਹਿ ਕੇ ਹੀ ਭਾਈ ਸਾਹਿਬ ਦੇ ਵਿਚਾਰ ਸੁਣੇ

ਪੈਰਿਸ-(ਸੁੱਖਵੀਰ ਸਿੰਘ ਕੰਗ)-ਚੜ੍ਹਦੀ ਕਲ੍ਹਾ ਸੇਵਕ ਜਥਾ ਫਰਾਂਸ ਦੇ ਸੇਵਾਦਾਰਾਂ ਵੱਲੋਂ ਫਰਾਂਸ ਦੇ ਨੌਜਵਾਨਾਂ,ਬੀਬੀਆਂ,ਬੱਚਿਆਂ ਅਤੇ ਪਰਿਵਾਰਾਂ ਨੂੰ ਸਿੱਖੀ ਸਰੂਪ ਵੱਲ ਪ੍ਰੇਰਿਤ ਕਰਨ ਲਈ ਅਤੇ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਣ ਲਈ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਗੁਰਮਤਿ ਕਲਾਸ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਭਾਰੀ ਤਦਾਦ ਵਿੱਚ ਨੌਜਵਾਨ,ਬੱਚੇ,ਬੀਬੀਆਂ ਅਤੇ ਸਿੱਖ ਪਰਿਵਾਰ ਸ਼ਾਮਲ ਹੋਏ।ਗੁਰਮਤਿ ਕਲਾਸ ਨੂੰ ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖ ਲੈਕਚਰਾਰ ਭਾਈ ਮਨਵੀਰ ਸਿੰਘ ਯੂ ਕੇ ਨੇ ਸੰਬੋਧਨ ਕੀਤਾ।ਇਸ ਸਮੇਂ ਵੀਡਿਓ ਸਕਰੀਨ ਦੇ ਜਰੀਏ ਸੇਵਾ ਦੀ ਮਹੱਤਤਾ,ਸੇਵਾ ਕਰਨ ਦੀ ਲੋੜ ਕਿਉਂ,ਸੇਵਾ ਕਰਨ ਨਾਲ ਕੀ ਮਿਲਦਾ?ਇਸ ਬਾਰੇ ਬੜੇ ਹੀ ਸਰਲ ਅਤੇ ਭਾਵਾਤਮਿਕ ਤਰੀਕੇ ਨਾਲ ਸੰਗਤਾਂ ਨੂੰ ਭਾਈ ਮਨਵੀਰ ਸਿੰਘ ਜੀ ਨੇ ਦੱਸਿਆ।ਸੰਗਤਾਂ ਨੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਭਾਈ ਸਾਹਿਬ ਜੀ ਦੇ ਵਿਚਾਰ ਸੁਣੇ ਅਤੇ ਭਾਈ ਸਾਹਿਬ ਦੇ ਵਿਚਾਰਾਂ ਨਾਲ ਸਹਿਮਤੀ ਵੀ ਪ੍ਰਗਟਾਈ।ਇਸ ਸਮੇਂ ਸੰਗਤਾਂ ਏਨੀਆਂ ਸਨ ਕਿ ਕਲਾਸ ਵਿੱਚ ਬੈਠਣ ਲਈ ਬਹੁਤੀਆਂ ਸੰਗਤਾਂ ਨੂੰ ਜਗ੍ਹਾ ਨਹੀਂ ਮਿਲੀ ਅਤੇ ਮਜ਼ਬੂਰਨ ਸੰਗਤਾਂ ਨੇ ਕਮਰੇ ਵਿੱਚੋਂ ਬਾਹਰ ਰਹਿ ਕੇ ਹੀ ਭਾਈ ਸਾਹਿਬ ਜੀ ਦੇ ਵਿਚਾਰ ਸੁਣੇ। ਇਸ ਸਮੇਂ ਪ੍ਰਬੰਧਕਾਂ ਨੇ ਕਿਹਾ ਕਿ ਗੁਰਮਤਿ ਕਲਾਸ ਲਈ ਜਗ੍ਹਾ ਬਹੁਤ ਘੱਟ ਹੈ ਅਤੇ ਅਗਲੀ ਵਾਰ ਤੋਂ ਕਿਸੇ ਖੁੱਲੀ ਜਗ੍ਹਾ ਦੀ ਤਲਾਸ਼ ਕੀਤੀ ਜਾਵੇਗੀ।

ਫਰਾਂਸ ਵਿੱਚ ਰਫਿਊਜੀ ਲੈ ਕੇ ਰਹਿ ਰਹੇ ਸਿੱਖਾਂ ਨੂੰ,ਉਹਨਾਂ ਦੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫਰਾਂਸ ਸਥਿਤ ਭਾਰਤੀ ਅੰਬੈਸੀ ਵੱਲੋਂ ਪਾਸਪੋਰਟ ਨਾ ਦਿੱਤੇ ਜਾਣ ਕਰਕੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਵਿਸ਼ੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ

ਪੈਰਿਸ-(ਸੁੱਖਵੀਰ ਸਿੰਘ ਕੰਗ) ਫਰਾਂਸ ਵਿੱਚ ਰਫਿਊਜੀ ਲੈ ਕੇ ਰਹਿ ਰਹੇ ਸਿੱਖਾਂ ਨੂੰ,ਉਹਨਾਂ ਦੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫਰਾਂਸ ਸਥਿਤ ਭਾਰਤੀ ਅੰਬੈਸੀ ਵੱਲੋਂ ਪਾਸਪੋਰਟ ਨਹੀਂ ਦਿੱਤੇ ਜਾ ਰਹੇ ਜੋ ਇੱਕ ਗੰਭੀਰ ਮੱਸਲਾ ਬਣਦਾ ਜਾ ਰਿਹਾ ਹੈ।ਇਸ ਗੰਭੀਰ ਮੱਸਲੇ ਨੂੰ ਮੱਦੇਨਜ਼ਰ ਰੱਖਦਿਆਂ ਬੀਤੇ ਦਿਨੀਂ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਵਿਸ਼ੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਭਾਰੀ ਗਿਣਤੀ ਵਿੱਚ ਪਾਸਪੋਰਟ ਨਾ ਮਿਲਣ ਵਾਲੇ ਸਿੱਖਾਂ,ਬੱਚਿਆਂ ਅਤੇ ਬੀਬੀਆਂ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ।ਇਸ ਸਮੇਂ ਪਾਸਪੋਰਟ ਨਾ ਮਿਲਣ ਕਰਕੇ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪਾਸਪੋਰਟ ਲੇਣ ਲਈ ਕਈ ਅਹਿਮ ਵਿਚਾਰਾਂ ਕੀਤੀਆਂ ਗਈਆਂ।ਇਸ ਸਮੇਂ ਇਸ ਮੀਟਿੰਗ ਦੀ ਕਵਰੇਜ਼ ਕਰਨ ਲਈ ਸੰਗਤ ਟੀਵੀ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਹੋਈ ਸੀ।ਸੰਗਤ ਟੀਵੀ ਵੱਲੋਂ ਇਸ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਗਈ ਜਿਸ ਨੂੰ ਬਾਅਦ ਵਿੱਚ ਸੰਗਤ ਟੀ ਵੀ ਤੇ ਟੈਲੀਕਾਸਟ ਕੀਤਾ ਜਾਵੇਗਾ।ਇਸ ਸਮੇਂ ਛੋਟੇ ਛੋਟੇ ਬੱਚਿਆਂ ਨੇ ਕਿਹਾ ਕਿ ਅਸੀਂ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਨੂੰ ਮਿਲਣਾ ਹੈ ਅਤੇ ਆਪਣਾ ਪੰਜਾਬ ਵਾਲਾ ਘਰ ਵੇਖਣਾ ਹੈ ਪਰ ਸਾਂਨੂੰ ਪਾਸਪੋਰਟ ਨਹੀਂ ਮਿਲ ਰਹੇ ਅਸੀਂ ਭਾਰਤੀ ਅੰਬੈਸੀ ਤੋਂ ਡਾਹਢੇ ਤੰਗ ਹਾਂ।ਇਸ ਸਮੇਂ ਬੀਬੀ ਕਮਲਜੀਤ ਕੌਰ,ਬੀਬੀ ਹਰਪ੍ਰੀਤ ਕੌਰ,ਬੀਬੀ ਕੇਵਲ ਕੌਰ,ਬੀਬੀ ਸੁੱਖਵਿੰਦਰ ਕੌਰ,ਬੀਬੀ ਰਣਜੀਤ ਕੌਰ ਆਦਿ ਨੇ ਵੀ ਭਾਰਤੀ ਅੰਬੈਸੀ ਨੂੰ ਕੋਸਿਆ ਅਤੇ ਕਿਹਾ ਕਿ ਸਾਡੇ ਪਰਿਵਾਰਾਂ ਵਿੱਚ ਸਾਡੇ ਬਜੁਰਗ ਬਿਮਾਰੀ ਦੇ ਹਲਾਤਾਂ ਵਿੱਚ ਹਨ ਅਤੇ ਉਹਨਾਂ ਨੂੰ ਐਸ ਵੇਲੇ ਸਾਡੀ ਲੋੜ ਹੈ ਪਰ ਭਾਰਤੀ ਅੰਬੈਸੀ ਵੱਲੋਂ ਪਾਸਪੋਰਟ ਨਾ ਮਿਲਣ ਕਰਕੇ ਅਸੀਂ ਮਜ਼ਬੂਰੀ ਵੱਸ ਭਾਰਤ ਨਹੀ ਜਾ ਸਕਦੇ।ਇਸ ਸਮੇਂ ਭਾਈ ਰਘਬੀਰ ਸਿੰਘ ਕੁਹਾੜ,ਬਸੰਤ ਸਿੰਘ ਪੰਜਹੱਥਾ,ਜਥੇਦਾਰ ਗੁਰਦਿਦਆਲ ਸਿੰਘ ਖਾਲਸਾ,ਭਾਈ ਚੈਨ ਸਿੰਘ,ਪ੍ਰਿਥੀਪਾਲ ਸਿੰਘ,ਸਤਨਾਮ ਸਿੰਘ,ਭਾਈ ਕਸ਼ਮੀਰ ਸਿੰਘ,ਬਲਵਿੰਦਰ ਸਿੰਘ ਕਥਾਸਾਗਰ,ਸੁਖਦੇਵ ਸਿੰਘ ਆਦਿ ਨੇ ਵੀ ਰਫਿਊਜ਼ੀ ਸਿੱਖਾਂ,ਬੱਚਿਆਂ ਅਤੇ ਬੀਬੀਆਂ ਨੂੰ ਪਾਸਪੋਰਟ ਨਾ ਮਿਲਣ ਕਰਕੇ ਭਾਰਤੀ ਅੰਬੈਸੀ ਕੋਸਿਆ ਅਤੇ ਕਿਹਾ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ ਅਤੇ ਭਾਰਤ ਦਾ ਪਾਸਪੋਰਟ ਸਾਡਾ ਜਨਮ ਸਿੱਧ ਅਧਿਕਾਰ ਹੈ ਜੋ ਸਾਂਨੂੰ ਪਹਿਲ ਦੇ ਅਧਾਰ ਤੇ ਮਿਲਣਾ ਚਾਹੀਦਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਲਿੱਟਾਂ,ਹਰਦੀਪ ਸਿੰਘ ਛੀਨਾ,ਮੇਜਰ ਸਿੰਘ,ਜਸਵੀਰ ਸਿੰਘ ਚੰਨਾਂ ਖੀਰਾਂਵਾਲੀ,ਤਰਸੇਮ ਸਿੰਘ,ਸੁਬੇਗ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸ੍ਰੀ ਗੁਰੂ ਰਵਿਦਾਸ ਜੀ ਦਾ 635ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ

ਪੈਰਿਸ-(ਸੁੱਖਵੀਰ ਸਿੰਘ ਕੰਗ) ਪੈਰਿਸ ਦੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 635ਵਾਂ ਪ੍ਰਕਾਸ਼ ਦਿਹਾੜਾ 19 ਫਰਵਰੀ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪੈਰਿਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸਮਾਗਮ ਦੇ ਸੰਬੰਧ ਵਿੱਚ ਅੱਜ 17 ਫਰਵਰੀ ਨੂੰ ਸਵੇਰੇ 10 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਰੰਭ ਕਰਵਾਏ ਗਏ ਹਨ ਅਤੇ 19 ਫਰਵਰੀ ਐਤਵਾਰ ਨੂੰ ਸਵੇਰੇ 10 ਵਜੇ ਸੰਪੂਰਨ ਭੋਗ ਪੈਣਗੇ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਅਤੇ ਗੁਰੂ ਕੇ ਲੰਗਰ ਦੀ ਸੇਵਾ ਕਰਮਜੀਤ ਸਿੰਘ ਪੈਡਰੋ,ਸੋਢੀ ਸਿੰਘ ਹੱਪੋਵਾਲੀਆ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਐਤਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਜਾਵੇਗਾ।ਉਹਨਾਂ ਨੇ ਸਮੂਹ ਸੰਗਤਾਂ ਨੂੰ ਤਿੰਨੇ ਦਿਨ ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ।

ਝੂਠੇ ਕੇਸਾਂ ਦੀ ਚੱਲ ਰਹੀ ਇਨਕੁਆਰੀ ਤੋਂ ਬਚਣ ਲਈ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਭਾਈ ਕੁਲਵੰਤ ਸਿੰਘ ਵਰਪਾਲ ਨੂੰ ਸ਼ਹੀਦ ਕਰਨਾ ਚਿੰਤਾ ਦਾ ਵਿਸ਼ਾ-ਭਾਈ ਬਸੰਤ ਸਿੰਘ ਪੰਜਹੱਥਾ

ਪੈਰਿਸ-(ਸੁੱਖਵੀਰ ਸਿੰਘ ਕੰਗ)-ਫਰਾਂਸ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਬਸੰਤ ਸਿੰਘ ਪੰਜਹੱਥਾ ਨੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਭਾਈ ਕੁਲਵੰਤ ਸਿੰਘ ਵਰਪਾਲ ਦੇ ਕੀਤੇ ਕਤਲ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖ ਕੌਮ ਦੇ ਜੁਝਾਰੂ ਸਿੱਖ ਭਾਈ ਕੁਲਵੰਤ ਸਿੰਘ ਵਰਪਾਲ ਨੂੰ ਬਿਨ੍ਹਾਂ ਕਿਸੇ ਸਬੂਤ ਤੇ ਉਸ ਦੇ ਘਰੋਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ।ਉਸ ਉੱਤੇ ਅੰਨਾਂ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਉਸ ਉੱਤੇ ਝੂਠੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ।ਹੁਣ ਉਸ ਉੱਪਰ ਪਾਏ ਝੂਠੇ ਕੇਸਾਂ ਦੀ ਇਨਕੁਆਰੀ ਚੱਲ ਰਹੀ ਸੀ ਅਤੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਕਿਤੇ ਹੁਣ ਭਾਈ ਕੁਲਵੰਤ ਸਿੰਘ ਵਰਪਾਲ ਉੱਪਰ ਪਾਏ ਝੂਠੇ ਕੇਸਾਂ ਦਾ ਪਰਦਾ ਨਾ ਫਾਸ਼ ਹੋ ਜਾਵੇ ਤੇ ਉਸ ਨੂੰ ਜੇਲ੍ਹ ਵਿੱਚ ਹੀ ਇੱਕ ਸਾਜਿਸ਼ ਰਚ ਕੇ ਸ਼ਹੀਦ ਕਰ ਦਿੱਤਾ ਗਿਆ,ਜਿਸ ਦਾ ਕਿ ਸਿੱਖ ਜਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਭਾਈ ਸੋਹਣ ਸਿੰਘ ਨੂੰ ਫਾਹਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਸ ਉੱਪਰ ਇਹ ਇਲਜ਼ਾਮ ਲਾਇਆ ਗਿਆ ਕਿ ਸੋਹਣ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ।ਭਾਈ ਬਸੰਤ ਸਿੰਘ ਪੰਜਹੱਥਾ ਨੇ ਕਿਹਾ ਕਿ ਸਿੱਖਾਂ ਉੱਪਰ ਹਮਲੇ ਹੋਣੇ ਅਜੇ ਤੱਕ ਬੰਦ ਨਹੀਂ ਹੋ ਰਹੇ।ਇਹਨਾਂ ਪੁਲਿਸ ਅਫਸਰਾਂ ਵੱਲੋਂ ਕੋਈ ਨਾ ਕੋਈ ਨਵੀਂ ਕਹਾਣੀ ਰਚ ਕੇ ਸਿੱਖ ਜੁਝਾਰੂਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ।ਉਹਨਾਂ ਖਦਸ਼ਾ ਜਾਹਰ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ।ਕਦੇ ਕਿਸੇ ਢੰਗ ਨਾਲ ਅਤੇ ਕਦੇ ਕਿਸੇ ਢੰਗ ਨਾਲ ਸਿੱਖਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਈ ਕੁਲਵੰਤ ਸਿੰਘ ਵਰਪਾਲ ਦੇ ਕਤਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਦੋਸ਼ੀਆਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਲਿਆਂਦਾ ਜਾਵੇ।

ਮਾਨਵਤਾ ਨਾਲ ਸਾਂਝ ਵਧਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਦਸਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਬੋਬੀਨੀ ਦੀ ਰੂਈ ਰੋਮ ਵਿਚਲੀ ਚਰਚ ਵਿਖੇ 19 ਫਰਵਰੀ ਐਤਵਾਰ ਨੂੰ ਸਵੇਰੇ 10 ਵਜੇ ਚਾਹ ਪਾਰਟੀ ਰੱਖੀ ਗਈ ਹੈ

ਪੈਰਿਸ-(ਸੁੱਖਵੀਰ ਸਿੰਘ ਕੰਗ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ੇ ਸਿਧਾਂਤ ਅਨੁਸਾਰ ਮਾਨਵਤਾ ਨਾਲ ਸਾਂਝ ਵਧਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ ਕਰਨ ਹਿੱਤ ਦਸਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਕ੍ਰਿਸਚੀਅਨ ਭਾਈਚਾਰੇ ਨਾਲ ਸਾਂਝ ਵਧਾਉਣ ਲਈ ਪੈਰਿਸ ਦੇ ਕਸਬਾ ਬੋਬੀਨੀ (93000) ਦੀ ਰੂਈ ਰੋਮ ਵਿਚਲੀ ਚਰਚ ਵਿਖੇ ਹਰ ਸਾਲ ਦੀ ਤਰ੍ਹਾਂ 19 ਫਰਵਰੀ ਐਤਵਾਰ ਨੂੰ ਸਵੇਰੇ 10 ਵਜੇ ਚਾਹ ਪਾਰਟੀ ਰੱਖੀ ਗਈ ਹੈ।ਇਸ ਸੰਬੰਧੀ ਦਸਮੇਸ਼ ਸਿੱਖ ਅਕੈਡਮੀ ਫਰਾਂਸ ਦੇ ਸੇਵਾਦਾਰ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਮੇਸ਼ ਸਿੱਖ ਅਕੈਡਮੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕਈ ਸਾਲਾਂ ਤੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਕ੍ਰਿਸਚੀਅਨ ਭਾਈਚਾਰੇ ਦਾ ਪਿੱਛਲੇ ਦਿਨੀਂ ਤਿਉਹਾਰ ਲੰਘ ਕੇ ਗਿਆ ਹੈ ਉਹਨਾਂ ਦੇ ਤਿਉਹਾਰ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਚਾਹ ਪਾਰਟੀ ਰੱਖੀ ਗਈ ਹੈ।ਉਹਨਾਂ ਕਿਹਾ ਕਿ ਤਿਉਹਾਰ ਵਾਲੇ ਦਿਨਾਂ ਵਿੱਚ ਕ੍ਰਿਸਚੀਅਨ ਭਾਈਚਾਰਾ ਆਪਣਾ ਤਿਉਹਾਰ ਮਨਾਉਣ ਵਿੱਚ ਲੱਗਿਆ ਹੁੰਦਾ ਹੈ ਇਸ ਕਰਕੇ ਹੁਣ ਵਿਹਲੇ ਦਿਨਾਂ ਵਿੱਚ ਉਹਨਾਂ ਦੇ ਤਿਉਹਾਰ ਦੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਾਂ।ਉਹਨਾਂ ਦੱਸਿਆ ਕਿ ਇਸ ਦਿਨ 250 ਦੇ ਕਰੀਬ ਬੱਚੇ,ਬਜੁਰਗ,ਨੌਜਵਾਨ ਅਤੇ ਔਰਤਾਂ ਹਾਜ਼ਰ ਹੁੰਦੀਆਂ ਹਨ।ਇਸ ਸਮੇਂ ਜਿੱਥੇ ਉਹਨਾਂ ਨਾਲ ਮਿਲ ਕੇ ਚਾਹ ਪਾਰਟੀ ਕੀਤੀ ਜਾਂਦੀ ਹੈ ਉੱਥੇ ਫਰੈਂਚ ਭਾਸ਼ਾ ਵਿੱਚ ਸਿੱਖੀ ਦੇ ਮੁਢਲੇ ਅਸੂਲਾਂ ਬਾਰੇ ਵੀ ਦੱਸਿਆ ਜਾਂਦਾ ਹੈ ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ ਅਤੇ ਮਨੁੱਖਤਾ ਨਾਲ ਵੱਧ ਤੋਂ ਵੱਧ ਸਾਂਝ ਪਾਉਣ ਦੇ ਉਪਰਾਲੇ ਕਰਦੀ ਰਹਿੰਦੀ ਹੈ।

ਬਾਤੀਰਾਮਾਂ ਕੰਪਨੀ ਦੇ ਡਿਪੂ ਨੂੰ ਲੱਗੀ ਭਿਆਨਕ ਅੱਗ ਨਾਲ ਕਰੋੜਾਂ ਯੂਰੋਆਂ ਦਾ ਸਮਾਨ ਸੜ ਕੇ ਸੁਆਹ-ਅੱਗ 3:45 ਵਜੇ ਲੱਗੀ ਅਤੇ ਵੇਖਦੇ ਹੀ ਵੇਖਦੇ ਅੱਗ ਨੇ ਬਾਤੀਰਾਮਾਂ ਪੂਰੇ ਡਿਪੂ ਨੂੰ ਘੇਰ ਲਿਆ ਅਤੇ ਦੇਰ ਰਾਤ ਤੱਕ ਅੱਗ ਉੱਤੇ ਕਾਬੂ ਨਹੀਂ ਸੀ ਪਾਇਆ ਜਾ ਸਕਿਆ 

ਪੈਰਿਸ-(ਸੁੱਖਵੀਰ ਸਿੰਘ ਕੰਗ)-ਫਰਾਂਸ ਦੀ ਰਾਜਧਾਨੀ ਪੈਰਿਸ ਦੇ ਕਸਬਾ ਲਾ-ਕੋਰਨੇਵ 93120 ਏਰੀਏ ਦੇ ਟਰਾਂਮ ਦੇ ਸਟਾਪ ਸਤੱਦ ਜੀਓ ਆਂਧਰੇ ਦੀ ਰੂਈ ਐਨਤੋਲੇ ਫਰਾਂਸ ਵਿਖੇ ਸਥਿਤ ਬਾਤੀਰਾਮਾਂ ਕੰਪਨੀ ਦੇ ਡਿਪੂ ਨੂੰ ਲੱਗੀ ਭਿਆਨਕ ਅੱਗ ਨਾਲ ਕਰੋੜਾਂ ਯੂਰੋਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਇਸ ਅੱਗ ਤੋਂ ਬਚਾਅ ਲਈ ਆਸ ਪਾਸ ਦੀਆਂ ਬਿਲਡਿੰਗਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।ਕਿਸੇ ਜਾਨੀ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ।ਮੌਕੇ ਤੋਂ ਇੱਕਤਰ ਜਾਣਕਾਰੀ ਅਨੁਸਾਰ 25000 ਸਕੇਅਰ ਮੀਟਰ ਵਿੱਚ ਫੈਲੇ ਬਾਤੀਰਾਮਾਂ ਕੰਪਨੀ ਦੇ ਡਿਪੂ ਅੰਦਰ ਵਰਕਰ ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਕਿਸੇ ਕਾਰਨ ਡਿਪੂ ਨੂੰ ਅੱਗ ਲੱਗ ਗਈ।ਜਿਉਂ ਹੀ ਅੱਗ ਦੀਆਂ ਲਪਟਾਂ ਡਿਪੂ ਦੇ ਕੋਲ ਖਲੋਤੇ ਇੱਕ ਪਾਕਿਸਤਾਨੀ ਮੂਲ ਦੇ ਵਿਆਕਤੀ ਨੇ ਵੇਖੀਆਂ ਤਾਂ ਉਸ ਨੇ ਉਸੇ ਵੇਲੇ ਪੌਂਪੀਏ ਨੂੰ ਫੋਨ ਕਰ ਦਿੱਤਾ ਪਰ ਪੌਂਪੀਏ ਦੇ ਆਉਣ ਤੱਕ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ।ਭਾਰੀ ਤਦਾਦ ਵਿੱਚ ਅੱਗ ਬੁਝਾਊ ਅਮਲਾ ਅੱਗ ਉੱਤੇ ਕਾਬੂ ਪਾਉਣ ਲਈ ਪਹੁੰਚ ਗਿਆ ਅਤੇ ਅੱਗ ਅਗਾਂਹ ਨਾਲ ਲੱਗਦੀਆਂ ਰਹਾਇਸ਼ੀ ਬਿਲਡਿੰਗਾਂ ਨੂੰ ਨਾਕਸਾਨ ਨਾ ਪਹੁੰਚਾਵੇ ਅਮਲੇ ਨੇ ਸਭ ਤੋਂ ਪਹਿਲਾਂ ਡਿਪੂ ਨੂੰ ਚਾਰ ਚੁਫੇਰੇ ਤੋਂ ਘੇਰ ਲਿਆ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ ਪਰ ਅੱਗ ਨੇ ਪੂਰੇ ਡਿਪੂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਮਿਲੀ ਜਾਣਕਾਰੀ ਅਨੁਸਾਰ ਅੱਗ 3:45 ਵਜੇ ਲੱਗੀ ਅਤੇ ਵੇਖਦੇ ਹੀ ਵੇਖਦੇ ਅੱਗ ਨੇ ਬਾਤੀਰਾਮਾਂ ਪੂਰੇ ਡਿਪੂ ਨੂੰ ਘੇਰ ਲਿਆ ਅਤੇ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਅੱਗ ਉੱਤੇ ਕਾਬੂ ਨਹੀਂ ਸੀ ਪਾਇਆ ਜਾ ਸਕਿਆ ।ਪਤਾ ਲੱਗਾ ਹੈ ਕਿ ਇਹ ਡਿਪੂ ਚਾਈਨਾ ਮੂਲ ਦੇ ਵਿਆਕਤੀਆਂ ਦਾ ਹੈ ਅਤੇ ਇਸ ਵਿੱਚ ਬਿਲਡਿੰਗ ਦੀ ਡੈਕੋਰੇਸ਼ਨ ਨਾਲ ਸੰਬੰਧਿਤ ਕਰੋੜਾਂ ਯੂਰੋਆਂ ਦਾ ਸਮਾਨ ਸੀ।ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਅਤੇ ਕੋਈ ਜਾਨੀ ਨੁਕਸਾਨ ਹੋਣ ਦਾ ਪਤਾ ਨਹੀਂ ਲੱਗ ਸਕਿਆ।ਬਾਤੀਰਾਮਾਂ ਡਿਪੂ ਦੇ ਆਸ ਪਾਸ ਦੇ ਰਹਾਇਸ਼ੀ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਪਰ ਉੱਥੇ ਮੌਜੂਦ ਘਰਾਂ ਵਿੱਚੋਂ ਕੱਢੇ ਗਏ ਵਿਆਕਤੀਆਂ ਨੂੰ ਬਾਹਰ ਹੀ ਠੰਡ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਉੱਥੇ ਮੌਜੁਦ ਕੁਝ ਵਿਆਕਤੀਆਂ ਨੇ ਦੱਸਿਆ ਅਸੀਂ ਭੁੱਖੇ ਭਾਣੇ ਬਾਹਰ ਹੀ ਬੈਠੇ ਹਾਂ ਅਤੇ ਸਾਂਨੂੰ ਇਹ ਵੀ ਨਹੀਂ ਪਤਾ ਕਿ ਅੱਗ ਉੱਤੇ ਕਦੋਂ ਕਾਬੂ ਪੈ ਸਕੇਗਾ ਅਤੇ ਸਾਂਨੂੰ ਨਹੀਂ ਪਤਾ ਕਿ ਅਸੀਂ ਰਾਤ ਬਾਹਰ ਕਿਸ ਤਰ੍ਹਾਂ ਗੁਜਾਰਨੀ ਹੈ।

ਖ਼ੂਨ ਦਾ-ਮਹਾਂ ਦਾਨ-ਜਗਤਾਰ ਸਿੰਘ ਬਿੱਟੂ

ਪੈਰਿਸ-(ਸੁੱਖਵੀਰ ਸਿੰਘ ਕੰਗ)-ਖ਼ੂਨ ਦਾ-ਮਹਾਂ ਦਾਨ,ਪੈਰਿਸ ਨਿਵਾਸੀ ਜਗਤਾਰ ਸਿੰਘ ਬਿੱਟੂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਖ਼ੂਨ ਦਾਨ ਇੱਕ ਮਹਾਂ ਦਾਨ ਹੈ ਜਿਸ ਨਾਲ ਕਿਸੇ ਨੂੰ ਨਵੀਂ ਜਿੰਦਗੀ ਮਿਲ ਸਕਦੀ ਹੈ।ਉਹਨਾਂ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਜਿੱਥੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਉੱਥੇ ਜਿੰਦਗੀ ਅਤੇ ਮੌਤ ਨਾਲ ਲੜਾਈ ਕਰ ਰਹੇ ਵਿਆਕਤੀ ਨੂੰ਼ ਸਾਡੇ ਖ਼ੂਨ ਦੀ ਇੱਕ ਬੂੰਦ ਮੌਤ ਦੇ ਮੂੰਹ ਵਿੱਚੋਂ ਕੱਢ ਸਕਦੀ ਹੈ ਬੇਸ਼ੱਕ ਜਿਉਣਾ ਮਰਨਾ ਉਸ ਵਾਹਿਗੁਰੂ ਦੇ ਹੱਥ ਹੈ ਪਰ ਸਾਂਨੂੰ ਵੀ ਤਾਂ ਕੋਸਿ਼ਸ਼ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਖ਼ੂਨ ਦਾਨ ਕਰਦਾ ਆਇਆ ਹਾਂ ਪਰ 2005 ਤੋਂ ਮੈਂ ਹਰ 4-5 ਮਹੀਨਿਆਂ ਬਾਅਦ ਖ਼ੂਨ ਦਾਨ ਕਰਦਾ ਹਾਂ ਅਤੇ ਮੇਰੀ ਧਰਮ ਪਤਨੀ ਵੀ ਜਿੱਥੇ ਮੈਂਨੂੰ ੳਤਸ਼ਾਹਿਤ ਕਰਦੀ ਹੈ ਉੱਥੇ ਉਹ ਆਪ ਵੀ ਖ਼ੂਨ ਦਾਨ ਕਰਦੀ ਹੈ।ਉਹਨਾਂ ਕਿਹਾ ਕਿ ਮੈਂ 18 ਫਰਵਰੀ ਸ਼ਨੀਵਾਰ ਨੂੰ ਸਵੇਰੇ 7 ਵਜੇ ਫਿਰ ਖ਼ੂਨ ਦਾਨ ਕਰਨ ਜਾ ਰਿਹਾ ਹਾਂ ਜੇ ਕਿਸੇ ਹੋਰ ਨੇ ਵੀ ਖ਼ੂਨ ਦਾਨ ਕਰਨਾ ਹੋਵੇ ਤਾਂ ਉਹ ਸ਼ਨੀਵਾਰ ਸਵੇਰੇ 7 ਵਜੇ ਟਰਾਂਮ ਇੱਕ ਦੇ ਔਪੀਤਾਲ ਐਵੀਸੈਂਸ ਦੇ ਸਟਾਪ ਦਰਾਂਸੀ ਕੈਰੇਫੋਰ ਦੇ ਸਾਹਮਣੇ ਵਾਲੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਜਾਵੇ ਜਾਂ ਮੈਂਨੂੰ ਮੇਰੇ ਸੈੱਲ ਫੋਨ ਨੰ: 0678040390 ਤੇ ਸੰਪਰਕ ਕਰ ਲਵੇ।

ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਨੁੰਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ-18-19 ਅਗਸਤ ਨੂੰ ਕਬੱਡੀ ਟੂਰਨਾਂਮੈਂਟ ਕਰਵਾਉਣ ਦਾ ਸਰਵਸੰਮਤੀ ਨਾਲ ਫੈਸਲਾ ਲਿਆ

ਪੈਰਿਸ-(ਸੁੱਖਵੀਰ ਸਿੰਘ ਕੰਗ)-ਬੀਤੇ ਦਿਨ ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਪ੍ਰਧਾਨ ਬਾਜ ਸਿੰਘ ਵਿਰਕ,ਰਘਬੀਰ ਸਿੰਘ ਕੁਹਾੜ,ਰਾਮ ਸਿੰਘ ਵਿਰਕ,ਕੁਲਦੀਪ ਸਿੰਘ,ਚੈਨ ਸਿੰਘ ਚੱਠਾ,ਸ਼ਮਸ਼ੇਰ ਸਿੰਘ ਚੀਮਾਂ,ਗੁਰਦੇਵ ਸਿੰਘ ਧਾਲੀਵਾਲ,ਤੇਜਿੰਦਰ ਸਿੰਘ ਜੋਸਨ,ਪਲਵਿੰਦਰ ਸਿੰਘ ਭੱਕੂਵਾਲ,ਕੁਲਵਿੰਦਰ ਸਿੰਘ ਰੰਗਾ,ਜਸਵੀਰ ਸਿੰਘ ਚੰਨਾਂ ਖੀਰਾਂਵਾਲੀ,ਸੁਖਦੇਵ ਸਿੰਘ ਖਾਲੂ,ਜਗਤਾਰ ਸਿੰਘ ਬਿੱਟੂ,ਦਲਵਿੰਦਰ ਸਿੰਘ ਘੁੰਮਣ,ਮੰਗਾ ਸੁਰਖਪੁਰੀਆ,ਮੱਖਣ ਸਿੰਘ ਨੱਥੂ ਚਾਹਲ,ਨਾਨਕ ਸਿੰਘ,ਗੁਰਚਰਨ ਸਿੰਘ,ਕੇਵਲ ਸਿੰਘ ਆਦਿ ਵੱਲੋਂ ਸਾਲ 2012 ਵਿੱਚ ਯੂਰਪ ਦੇ ਹੋਣ ਵਾਲੇ ਕਬੱਡੀ ਟੂਰਨਾਂਮੈਂਟ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ।ਜਿਸ ਵਿੱਚ 18-19 ਅਗਸਤ ਨੂੰ ਕਬੱਡੀ ਟੂਰਨਾਂਮੈਂਟ ਕਰਵਾਉਣ ਦਾ ਸਰਵਸੰਮਤੀ ਨਾਲ ਫੈਸਲਾ ਲਿਆ ਹੈ ਅਤੇ ਇਸ ਟੂਰਨਾਂਮੈਂਟ ਨੂੰ ਕਾਮਯਾਬ ਕਰਨ ਲਈ ਅਹਿਮ ਵਿਚਾਰਾਂ ਵੀ ਕੀਤੀਆਂ ਗਈਆਂ।ਇਸ ਸਮੇਂ ਇਹ ਵੀ ਫੈਸਲਾ ਲਿਆ ਗਿਆ ਕਿਸੇ ਵੀ ਫੈੱਡਰੇਸ਼ਨ ਵੱਲੋਂ ਡੋਪ ਟੈਸਟ ਵਿੱਚ ਦੋਸ਼ੀ ਪਾਏ ਗਏ ਅਤੇ ਫੈੱਡਰੇਸ਼ਨਾਂ ਵੱਲੋਂ ਕੱਢੇ ਗਏ ਖਿਡਾਰੀਆਂ ਨੂੰ ਯੂਰਪੀਅਨ ਟੂਰਨਾਂਮੈਂਟਾਂ ਵਿੱਚ ਖੇਡਣ ਨਹੀਂ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਭਾਈ ਰਘਬੀਰ ਸਿੰਘ ਕੁਹਾੜ ਨੇ ਦੱਸਿਆ ਕਿ 18-19 ਅਗਸਤ ਨੂੰ ਹੋਣ ਵਾਲੇ ਟੂਰਨਾਂਮੈਂਟ ਨੂੰ ਪਹਿਲਾਂ ਵਾਂਗੂੰ ਹੀ ਕਾਮਯਾਬ ਟੂਰਨਾਂਮੈਂਟ ਕਰਵਾਇਆ ਜਾਵੇਗਾ।ਉਹਨਾਂ ਕਿਹਾ ਕਿ 18 ਅਗਸਤ ਸ਼ਨੀਵਾਰ ਨੂੰ ਬੱਚਿਆਂ ਦੀਆਂ ਦੌੜਾਂ ਅਤੇ ਹੋਰ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਬੀਬੀਆਂ ਵੱਲੋਂ ਵੀ ਵੱਖਰੇ ਤੌਰ ਤੇ ਆਪਣਾ ਪ੍ਰੋਗਰਾਮ ਕੀਤਾ ਜਾਵੇਗਾ। 19 ਅਗਸਤ ਐਤਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਬੱਡੀ ਖਿਡਾਰੀਆਂ ਵੱਲੋਂ ਕਬੱਡੀ ਦੇ ਜੌਹਰ ਵਿਖਾਏ ਜਾਣਗੇ।ਉਹਨਾਂ ਪੈਰਿਸ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਸਾਡਾ ਸਾਥ ਦੇਣ ਅਤੇ ਧੰਨਵਾਦ ਦੇ ਪਾਤਰ ਬਣਨ।ਉਹਨਾਂ ਕਿਹਾ ਕਿ ਇਸ ਵਾਰ ਸਾਡੀ ਕਲੱਬ ਦੀ ਟੀਮ ਪਹਿਲਾਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਵੱਧ ਤੋਂ ਵੱਧ ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਝੋਲੀ ਵਿੱਚ ਯੂਰਪ ਕਬੱਡੀ ਕੱਪ ਪਾਵੇਗੀ। 

ਪੈਰਿਸ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲੁ-ਬੁਰਜ਼ੇ ਵਿਖੇ ਹਫਤਾਰੀ ਪ੍ਰੋਗਰਾਮ ਕਰਵਾਇਆ ਗਿਆ

ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲੁ-ਬੁਰਜ਼ੇ ਵਿਖੇ ਹਫਤਾਰੀ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਲੇਰ ਸਿੰਘ ਜੀ ਵੱਲੋਂ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਗੁਰੂ ਘਰ ਦੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕਰਿਤਨ ਕੀਤਾ ਗਿਆ ਅਤੇ ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਪੈਰਿਸ ਦੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਹਫਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ 

ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਦੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਹਫਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ।ਜਿਸ ਪੈਰਿਸ ਨਿਵਾਸੀ ਤੇਜਿੰਦਰ ਸਿੰਘ ਜੋਸਨ ਪਰਿਵਾਰ ਵੱਲੋਂ ਘਰ ਵਿੱਚ ਸੁੱਖ ਸ਼ਾਂਤੀ ਅਤੇ ਪਰਿਵਾਰ ਦੀ ਚੜ੍ਹਦੀ ਕਲ੍ਹਾ ਲਈ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਰਛਪਾਲ ਸਿੰਘ ਜੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਜੋਸਨ ਪਰਿਵਾਰ ਦੀ ਚੜ੍ਹਦੀ ਕਲ੍ਹਾ ਅਤੇ ਘਰ ਵਿੱਚ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ।ਉਪਰੰਤ ਭਾਈ ਰਛਪਾਲ ਸਿੰਘ ਜੀ,ਛੋਟੇ ਬੱਚਿਆਂ-ਬੀਬੀਆਂ ਅਤੇ ਗੁਰਸਿੱਖ ਨੌਜਵਾਨਾਂ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ।ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।

ਸ੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਦਾ 635ਵਾਂ ਪ੍ਰਕਾਸ਼ ਦਿਵਸ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਪੈਰਿਸ-(ਸੁੱਖਵੀਰ ਸਿੰਘ ਕੰਗ)-ਫਰਾਂਸ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਦਾ 635ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸਵੇਰੇ 10 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਦੀ ਜੀਵਨੀ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ।ਇਸ ਸਮੇਂ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਸੰਗਤਾਂ ਵਿੱਚ ਭਾਈ ਹਰਜਿੰਦਰ ਸਿੰਘ,ਭਾਈਆ ਦਰਸ਼ਨ ਰਾਮ,ਜਸਪਾਲ ਸਿੰਘ,ਮੇਜਰ ਸਿੰਘ,ਰਮੇਸ਼ ਕੁਮਾਰ,ਸੋਢੀ ਸਿੰਘ ਹੱਪੋਵਾਲੀਆ,ਚਮਨ ਲਾਲ,ਪਰਮਿੰਦਰ ਸਿੰਘ ਪਰਹਾਰ,ਪਰਮਿੰਦਰ ਸਿੰਘ,ਸੋਨੂੰ,ਲਾਲ ਸਿੰਘ,ਡਿੰਪਲ,ਮੋਹਨ ਲਾਲ,ਰੋਸ਼ਨ ਗੁਰੂ, ਵਿੱਕੀ,ਸੰਨੀ,ਪ੍ਰਵੀਨ,ਰੋਹਿਤ ਗੁਰੂ ਆਦਿ ਵਿਸ਼ੇਸ਼ ਤੌਰ ਤੇ ਹਜ਼ਰ ਸਨ।ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਸਾਬਕਾ ਭਾਰਤੀ ਹਾਕੀ ਖਿਡਾਰੀ ਕਰਮਜੀਤ ਸਿੰਘ ਪੈਡਰੋ,ਸ਼ਮਸ਼ੇਰ ਸਿੰਘ ਅੰਮ੍ਰਿਤਸਰ ਅਤੇ ਬਲਜੀਤ ਸਿੰਘ ਬਾਬਕ ਨੇ ਯੁਵਰਾਜ ਦੀ ਤੰਦਰੁਸਤੀ ਦੀ ਅਰਦਾਸ ਕੀਤੀ

ਮੀਡੀਆ ਪੱਤਰਕਾਰ ਸੁੱਖਵੀਰ ਸਿੰਘ ਕੰਗ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਯੁਵਰਾਜ ਸਿੰਘ ਨੂੰ ਜਲਦੀ ਤੋਂ ਜਲਦੀ ਇਸ ਬਿਮਾਰੀ ਤੋਂ ਠੀਕ ਕਰੇ 

ਪੈਰਿਸ-(ਸੁੱਖਵੀਰ ਸਿੰਘ ਕੰਗ)-ਕ੍ਰਿਕਟ ਦੇ ਖੇਤਰ ਵਿੱਚ ਵੱਖਰੀ ਪਛਾਣ ਅਤੇ ਮਾਣਮੱਤੀਆਂ ਹਾਸਲ ਕਰਨ ਵਾਲਾ ਭਾਰਤੀ ਕ੍ਰਿਕਟ ਦਾ ਸਤਾਰਾ ਯੁਵਰਾਜ ਸਿੰਘ ਦੇ ਕੈਂਸਰ ਤੋਂ ਪੀੜਤ ਹੋਣ ਕਰਕੇ ਖੇਡ ਪ੍ਰੇਮੀਆਂ ਵੱਲੋਂ ਯੁਵਰਾਜ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।ਯੁਵਰਾਜ ਸਿੰਘ ਦਾ ਅਮਰੀਕਾ ਦੇ ਬੋਸਟਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਖੱਬੇ ਫੇਫੜੇ ਵਿੱਚ ਰਸੌਲੀ ਹੋਣ ਕਰਕੇ ਕੈਂਸਰ ਤੋਂ ਪੀੜਤ ਹੈ।ਯੁਵਰਾਜ ਦੀ ਤੰਦਰੁਸਤੀ ਦੀ ਅਰਦਾਸ ਕਰਦਿਆਂ ਪੈਰਿਸ ਨਿਵਾਸੀ ਸਾਬਕਾ ਭਾਰਤੀ ਹਾਕੀ ਖਿਡਾਰੀ ਕਰਮਜੀਤ ਸਿੰਘ ਪੈਡਰੋ,ਸ਼ਮਸ਼ੇਰ ਸਿੰਘ ਅੰਮ੍ਰਿਤਸਰ ਅਤੇ ਬਲਜੀਤ ਸਿੰਘ ਬਾਬਕ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੁਵਰਾਜ ਨੇ ਹਮੇਸ਼ਾਂ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ।ਉਹਨਾਂ ਕਿਹਾ ਕਿ ਯੁਵਰਾਜ ਦੀ ਬੇਹਤਰੀਨ ਖੇਡ ਪ੍ਰਦਰਸ਼ਨ ਸਦਕਾ ਹੀ ਇਸ ਵਾਰ ਦਾ ਵਰਲਡ ਕ੍ਰਿਕਟ ਕੱਪ ਭਾਰਤ ਦੀ ਝੋਲੀ ਵਿੱਚ ਪੈ ਸਕਿਆ ਹੈ।ਉਹਨਾਂ ਕਿਹਾ ਕਿ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਯੁਵਰਾਜ ਕੈਂਸਰ ਦੀ ਬਿਮਾਰੀ ਤੋਂ ਜਲਦੀ ਤੰਦਰੁਸਤ ਹੋ ਕੇ ਭਾਰਤੀ ਟੀਮ ਵਿੱਚ ਖੇਡ ਕੇ ਪੰਜਾਬ ਅਤੇ ਭਾਰਤ ਦਾ ਸੰਸਾਰ ਭਰ ਵਿੱਚ ਮਾਣ ਵਧਾਵੇ। ਮੀਡੀਆ ਪੱਤਰਕਾਰ ਸੁੱਖਵੀਰ ਸਿੰਘ ਕੰਗ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਯੁਵਰਾਜ ਸਿੰਘ ਨੂੰ ਜਲਦੀ ਤੋਂ ਜਲਦੀ ਇਸ ਬਿਮਾਰੀ ਤੋਂ ਠੀਕ ਕਰੇ ਅਤੇ ਖੇਡ ਦੇ ਮੈਦਾਨ ਵਿੱਚ ਆ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਆਪਣੇ ਚਹੇਤਿਆਂ ਨੂੰ ਦਿਖਾ ਸਕੇ।

ਪੈਰਿਸ ਨਿਵਾਸੀ ਪਰਮਿੰਦਰ ਸਿੰਘ ਨੇ ਆਪਣੇ ਸਪੁੱਤਰ ਅਤੇ ਲਾਲ ਸਿੰਘ ਨੇ ਆਪਣੇ ਭਤੀਜੇ ਸਾਹਿਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ

ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਨਿਵਾਸੀ ਪਰਮਿੰਦਰ ਸਿੰਘ ਨੇ ਆਪਣੇ ਸਪੁੱਤਰ ਅਤੇ ਲਾਲ ਸਿੰਘ ਨੇ ਆਪਣੇ ਭਤੀਜੇ ਸਾਹਿਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੁ-ਬਲੌਂ ਮਨੀਲ ਵਿਖੇ ਰੈਸਟੋਰੈਂਟ ਵਿਚ ਇੱਕ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ।ਜਿਸ ਵਿੱਚ ਸਹਿਗਲ ਪਰਿਵਾਰ,ਕੈਲੇ ਪਰਿਵਾਰ,ਮੇਜਰ ਸਿਘ ਦੇ ਪਰਿਵਾਰ ਅਤੇ ਸੋਢੀ ਸਿੰਘ ਦੇ ਪਰਿਵਾਰ ਸਮੇਤ ਯਾਰਾਂ ਦੋਸਤਾਂ,ਰਿਸ਼ਤੇਦਾਰਾਂ ਆਦਿ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ। ਕਾਕੇ ਸਾਹਿਲ ਦਾ ਜਨਮ 31 ਦਸੰਬਰ 2011 ਨੂੰ ਹੋਇਆ ਅਤੇ ਸਾਹਿਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ 11 ਫਰਵਰੀ 2012 ਨੂੰ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਸ ਵਿੱਚ ਚਾਹ ਪਾਰਟੀ ਤੋਂ ਬਾਅਦ ਸਾਹਿਲ ਨੇ ਆਪਣੇ ਪਾਪਾ ਪਰਮਿੰਦਰ ਸਿੰਘ,ਆਪਣੀ ਮੰਮੀ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ।ਉੱਥੇ ਹਾਜ਼ਰ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਨੇ ਜਿੱਥੇ ਕਾਕਾ ਸਾਹਿਲ ਨੂੰ ਤੋਹਫੇ ਭੇਟ ਕੀਤੇ ਉੱਥੇ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਕਿ ਵਾਹਿਗੁਰੂ ਸਾਹਿਲ ਨੂੰ ਲੰਮੀ ਉਮਰ ਬਖ਼ਸ਼ੇ ਅਤੇ ਉਚੇਰੀ ਵਿਦਿਆ ਦਾ ਦਾਨ ਬਖ਼ਸ਼ੇ।ਪੱਤਰਕਾਰ ਸੁਖਵੀਰ ਸਿੰਘ ਕੰਗ ਨੇ ਵੀ ਸਾਹਿਲ ਦੀ ਲੰਮੀ ਆਯੂ ਅਤੇ ਉੱਚ ਵਿਦਿਆ ਲਈ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ।

ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਓਬਰਵੀਲੀਏ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 19 ਫਰਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ 

ਪੈਰਿਸ-(ਸੁੱਖਵੀਰ ਸਿੰਘ ਕੰਗ)-ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਓਬਰਵੀਲੀਏ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 19 ਫਰਵਰੀ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਪਰਪਿਤ 17 ਫਰਵਰੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਪ੍ਰਾਰੰਭ ਹੋਣਗੇ ਅਤੇ 19 ਫਰਵਰੀ ਐਤਵਾਰ ਨੂੰ ਸਵੇਰੇ 10 ਵਜੇ ਭੋਗ ਪੈਣਗੇ।ਉਹਨਾਂ ਦੱਸਿਆ ਕਿ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਅਤੇ ਲੰਗਰ ਦੀ ਸੇਵਾ ਪੈਰਿਸ ਨਿਵਾਸੀ ਸੋਢੀ ਸਿੰਘ ਹੱਪੋਵਾਲੀਆ,ਕਰਮਜੀਤ ਸਿੰਘ ਪੈਡਰੋ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਕੀਤੀ ਜਾ ਰਹੀ ਹੈ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਲੁ-ਬੁਰਜ਼ੇ ਦੇ ਪ੍ਰੇਮ ਆਲਿਮਤਾਸਿਉਂ ਜਰਨਲ ਸਟੋਰ ਵਿੱਚ ਬੰਦੂਕਧਾਰੀਆਂ ਵੱਲੋਂ ਡਾਕਾ-ਪਰ ਜਾਨੀ-ਮਾਲੀ ਨੁਕਸਾਨ ਹੋਣੋ ਬਚਿਆ

ਪੈਰਿਸ-(ਸੁੱਖਵੀਰ ਸਿੰਘ ਕੰਗ)-ਬੀਤੀ ਰਾਤ ਲੁ-ਬੁਰਜ਼ੇ ਦੇ ਪ੍ਰੇਮ ਆਲਿਮਤਾਸਿਉਂ ਜਰਨਲ ਸਟੋਰ ਵਿੱਚ ਨਕਾਬਧਾਰੀ ਬੰਦੂਕਧਾਰੀਆਂ ਵੱਲੋਂ ਡਾਕਾ ਮਾਰਿਆ ਗਿਆ ਪਰ ਜਾਨੀ-ਮਾਲੀ ਨੁਕਸਾਨ ਹੋਣੋ ਬਚ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਮੈਂ ਰੋਜ਼ਾਨਾਂ ਦੀ ਤਰ੍ਹਾਂ ਬੀਤੀ ਰਾਤ ਇਕੱਲਾ ਹੀ ਦੁਕਾਨ ਤੇ ਹਾਜ਼ਰ ਸੀ ਕਿ ਰਾਤ 12 :28 ਵਜੇ ਦੋ ਗਾਹਕ ਮੇਰੀ ਦੁਕਾਨ ਤੋਂ ਕੁਝ ਸਮਾਨ ਲੈਣ ਆਏ ਜਦੋਂ ਮੈਂ ਉਹਨਾਂ ਵੱਲੋਂ ਖਰੀਦੇ ਸਮਾਨ ਦੇ ਪੈਸੇ ਲੈ ਕੇ ਗੱਲੇ ਵਿੱਚ ਪਾਉਣ ਲੱਗਾ ਤਾਂ ਅਚਾਨਕ ਹੀ ਤਿੰਨ ਬੰਦੂਕਧਾਰੀ ਦੁਕਾਨ ਦੇ ਅੰਦਰ ਆ ਵੜ੍ਹੇ ਅਤੇ ਆਉਂਦੇ ਸਾਰ ਹੀ ਉਹਨਾਂ ਨੇ ਪਿਸਟਲ ਮੇਰੇ ਕੰਨ ਤੇ ਰੱਖ ਦਿੱਤਾ ਅਤੇ ਕਿਹਾ ਕਿ ਜੇ ਜਾਨ ਲੋੜੀਂਦੀ ਹੈ ਤਾਂ ਜੋ ਕੁਝ ਤੇਰੇ ਕੋਲ ਹੈ ਸਭ ਕੁਝ ਸਾਡੇ ਹਵਾਲੇ ਕਰ ਦੇ ਅਤੇ ਉਹਨਾਂ ਨੇ ਆਪ ਹੀ ਗੱਲੇ ਵਿੱਚੋਂ ਪੈਸੇ ਕੱਢ ਲਏ ਜੋ ਕਰੀਬ 80 ਯੂਰੋ ਦੇ ਆਸ ਪਾਸ ਸਨ ਲੈ ਕੇ ਉੱਥੋਂ ਰਫੂ ਚੱਕਰ ਹੋ ਗਏ।ਉੱਥੇ ਹਾਜ਼ਰ ਦੋ ਗਾਹਕਾਂ ਨੂੰ ਉਹਨਾਂ ਨੇ ਇੱਕ ਪਾਸੇ ਕਰੀ ਰੱਖਿਆ।ਮੇਰੇ ਪੁਲਿਸ ਨੂੰ ਫੋਨ ਕਰਦਿਆਂ ਤੱਕ ਉਹ ਉੱਥੋਂ ਭੱਜ ਚੁੱਕੇ ਸਨ ਪਰ ਪੁਲਿਸ ਵੀ ਆਪਣੀ ਫੁਰਤੀ ਦਿਖਾਉਂਦੀ ਹੋਈ ਕਰੀਬ 10 ਮਿੰਟਾਂ ਵਿੱਚ ਹੀ ਪਹੁੰਚ ਗਈ ਅਤੇ ਉਹਨਾਂ ਨੇ ਦੁਕਾਨ ਅੰਦਰ ਲੱਗੇ ਕੈਮਰੇ ਵਿੱਚੋਂ ਉਹਨਾਂ ਦੀ ਫਿਲਮ ਦੇਖੀ ਅਤੇ ਅਣਪਛਾਤੇ ਡਕੈਤਾਂ ਖਿਲਾਫ ਪਰਚਾ ਦਰਜ ਕਰ ਦਿੱਤਾ ।ਭੱਟੀ ਨੇ ਕਿਹਾ ਬੇਸ਼ੱਕ ਉਹਨਾਂ ਨੇ ਨਕਾਬ ਪਾਏ ਹੋਏ ਸਨ ਪਰ ਉਹਨਾਂ ਦੇ ਜੋ ਅੰਗ ਨੰਗੇ ਸਨ ਉਹਨਾਂ ਤੋਂ ਉਹ ਅਫਰੀਕਾ-ਮੂਲ ਦੇ ਕਾਲੇ ਲਗਦੇ ਸਨ।